ਰਾਣੀ ਸਦਾ ਕੌਰ: ਰਾਣੀ ਤੋਂ ਮਿਸਲਦਾਰਨੀ ਬਣਨ ਦਾ ਸਫ਼ਰ (ਜੀਵਨੀ – ਕਿਸ਼ਤ ਪਹਿਲੀ)
May 15, 2019
Written by ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਬਹਾਦਰ ਸਰਦਾਰਨੀ ਸਦਾ ਕੌਰ ਜੀ ਖਾਲਸਾ ਕੌਮ ਦੇ ਸੂਰਮਿਆਂ ਦੀ ਪ੍ਰਫੁੱਲਤ ਫੁਲਵਾੜੀ ਵਿੱਚੋਂ ਇਕ ਉਹ ਮਾਨਯੋਗ ਹਸਤੀ ਹੈ, ਜਿਸ ਪਰ ਸਾਰਾ ਪੰਜਾਬ ਆਮ ਕਰਕੇ ਅਤੇ ਖਾਲਸਾ ਪੰਥ ਖਾਸ ਕਰ ਕੇ ਜਿੰਨ੍ਹਾ ਮਾਣ ਕਰੇ ਥੋੜਾ ਹੈ। ਖਾਲਸਾ ਰਾਜ ਦੇ ਉਸਰਈਆਂ ਵਿੱਚੋਂ, ਜਿਨ੍ਹਾਂ ਇਸ ਮਹਾਨ ਕਾਰਜ ਲਈ ਆਪਣਾ ਸਰਬੰਸ ਸ਼ੇਰਿ ਪੰਜਾਬ ਦੇ ਸਮਰਪਣ ਕਰ ਛੱਡਿਆ ਸੀ, ਇਸ ਮਾਨਯੋਗ ਸਰਦਾਰਨੀ ਦਾ ਨਾਮ ਸਭ ਤੋਂ ਉੱਚੀ ਥਾਂ ਪ੍ਰਾਪਤ ਕਰਨ ਦਾ ਹੱਕਦਾਰ ਹੈ।
ਸ਼ੇਰਿ ਪੰਜਾਬ ਦੇ ਮਨ ਵਿਚ ਜਦ ਪਹਿਲਾਂ ਪਹਿਲ ਇਹ ਉੱਤਮ ਖਿਆਲ ਉਗਮਿਆਂ ਕਿ ਪੰਜਾਬ ਨੂੰ ਗੈਰਾਂ ਦੇ ਨਿਤ ਦੇ ਧਾਵਿਆਂ ਤੇ ਲੁੱਟਾਂ ਤੋਂ ਛੁਟਕਾਰਾ ਦਿਵਾਇਆ ਜਾਏ ਤੇ ਇਸ ਸਮੇਂ ਆਪ ਨੇ ਇਸ ਕਾਰਜ ਦੀ ਸਫ਼ਲਤਾ ਲਈ ਸਰਦਾਰਨੀ ਜੀ ਤੋਂ ਸਹਾਇਤਾ ਮੰਗੀ, ਤਾਂ ਆਪ ਨੇ ਬੜੀ ਖੁਸ਼ੀ ਨਾਲ ਸਭ ਤੋਂ ਪਹਿਲਾਂ ਆਪਣੀ ਫੌਜ, ਆਪਣਾ ਖਜ਼ਾਨਾ ਤੇ ਆਪਣਾ ਸਭ ਕੁਝ ਆਪਣੀ ਅੰਤਮ ਸਮਰੱਥਾ ਤਕ ਆਪ ਦੇ ਹੱਥ ਸੌਂਪ ਕੇ ਹਰ ਤਰ੍ਹਾਂ ਨਾਲ ਆਪ ਦਾ ਹੌਂਸਲਾ ਵਧਾਇਆ। ਇਹ ਜ਼ਰੂਰੀ ਭਾਸਦਾ ਹੈ ਕਿ ਇਸ ਸਰਬ ਗੁਣ ਨਿਪੰਨ ਸਰਦਾਰਨੀ ਦੇ ਘਰਾਣੇ ਦਾ ਸੰਖੇਪ ਜਿਹਾ ਹਾਲ ਇੱਥੇ ਦਿੱਤਾ ਜਾਏ ਤਾਕਿ ਸਾਡੇ ਸੁਹਿਰਦ ਪਾਠਕਾਂ ਨੂੰ ਮਲੂਮ ਹੋ ਜਾਏ ਕਿ ਇਸ ਦੇਵੀ ਦੇ ਜੀਵਨ ਦਾ ਆਰੰਭ ਕਿੱਥੋਂ ਹੋਇਆ ਸੀ।
ਪੇਕਾ ਘਰ ਤੇ ਜਨਮ
ਸਰਦਾਰਨੀ ਸਦਾ ਕੌਰ ਜੀ ਦਾ ਜਨਮ ਸੰਨ ੧੭੬੨ ਈ: ਵਿਚ ਸਰਦਾਰ ਦਸਵੰਧਾ ਸਿੰਘ ਅਲਕੋਲ ਵਾਲੇ ਦੇ ਘਰ ਹੋਇਆ । ਚੂੰਕਿ ਸਰਦਾਰਨੀ ਦਾ ਪੇਕਾ ਘਰ ਵੀ ਪ੍ਰਸਿੱਧ ਬੀਰਾਂ ਦਾ ਘਰਾਣਾ ਸੀ, ਇਸ ਲਈ ਸੁੱਤੇ ਸਿੱਧ ਹੀ ਉਹ ਸਾਰੇ ਗੁਣ, ਜਿਹੜੇ ਪਿਤਾ ਪਿਤਾਮਾ ਵਿਚ ਪੀੜੀਓਂ ਪੀੜੀ ਆ ਰਹੇ ਸਨ। ਇਸ ਬੱਚੀ ਨੇ ਵੀ ਆਪਣੀ ਬਾਲ ਅਵਸਥਾ ਵਿਚ ਪ੍ਰਾਪਤ ਕਰ ਲਏ। ਹੁਣ ਇਸ ਬੀਬੀ ਦੀ ਆਯੂ ਜ਼ਰਾ ਵਡੇਰੀ ਹੋਈ ਤਾਂ ਇਸ ਦਾ ਵਿਆਹ ਸਰਦਾਰ ਗੁਰਬਖ਼ਸ਼ ਸਿੰਘ, ਸਰਦਾਰ ਜੈ ਸਿੰਘ ਜੀ ਘਨੱਯਾ ਮਿਸਲ ਦੇ ਮਿਸਲਦਾਰ ਦੇ ਸਯੋਗ ਸਪੁੱਤ੍ਰ ਨਾਲ ਕੀਤਾ ਗਿਆ। ਵਿਆਹ ਤੇ ਸਹੁਰਾ ਘਰ ਸਰਦਾਰ ਜੈ ਸਿੰਘ ਪੰਥ ਦੀਆਂ ਉਨ੍ਹਾਂ ਚੋਣਵੀਆਂ ਹਸਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਇਸ ਗੱਲ ਦਾ ਸਦੀਵੀ ਮਾਣ ਪ੍ਰਾਪਤ ਸੀ ਕਿ ਇਨ੍ਹਾਂ ਨੇ ਪੰਥ ਦੇ ਸਤਿਕਾਰ ਯੋਗ ਜੱਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਾਵਨ ਕਰ ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ ਸੀ।
ਸਰਦਾਰ ਜੈ ਸਿੰਘ ਜਿੱਥੇ ਬਾਲਪਨ ਤੋਂ ਵੱਡਾ ਨਿਡਰ ਸੀ ਉੱਥੇ ਇਸ ਦੀ ਸਰੀਰਕ ਰਚਨਾ ਵੀ ਰਚਨਹਾਰ ਨੇ ਡਾਢੀ ਨਰੋਈ ਮਨ ਮੋਹਣੀ ਰਚੀ ਸੀ। ਇਸ ਦੇ ਸੁਹਪਣ ਬਾਰੇ ਇਸ ਦੇ ਜੀਵਨ ਦੇ ਪਹਿਲੇ ਦਿਨਾਂ ਦੀ ਇਕ ਅਖਾਉਤ ਇਲਾਕੇ ਦੇ ਭੱਟਾਂ ਦੀ ਜ਼ਬਾਨੀ ਹੈ ਕਿ ਇਹ ਨੌਜਵਾਨ ਜਦ ਅੰਮ੍ਰਿਤ ਛਕਣ ਲਈ ਸ੍ਰੀ ਅੰਮ੍ਰਿਤਸਰ ਜੀ ਗਿਆ ਤਾਂ ਇਸ ਸਮੇਂ ਨਵਾਬ ਕਪੂਰ ਸਿੰਘ ਜੀ ਨੇ ਇਸ ਦੀ ਸੁਡੌਲਤਾ ਤੇ ਸੁੰਦੜਾ ਨੂੰ ਦੇਖ ਕੇ ਇਸ ਹੋਣਹਾਰ ਤੋਂ ਪੁੱਛਿਆ ਕਿ ਲਾਲ ਜੀ! ਆਪ ਕਿਹੜੇ ਪਿੰਡੋਂ ਆਏ ਹੋ ਤਾਂ ਆਪ ਜੀ ਨੇ ਦੱਸਿਆ ਕਿ ਮੇਰਾ ਪਿੰਡ ‘ਕਾਹਨਾ ਹੈ, ਤਾਂ ਇਸ ਪਰ ਨਵਾਬ ਸਾਹਿਬ ਨੇ ਹੱਸ ਕੇ ਆਖਿਆ ਕਿ ਠੀਕ ਤੇਰਾ ਪਿੰਡ ਕਾਹਨਾ ਹੀ ਚਾਹੀਦਾ ਹੈ, ਕਿਉਂਕਿ ਤੂੰ ਕਾਨ-ਘਨੱਯੇ (ਸ੍ਰੀ ਕ੍ਰਿਸ਼ਨ ਜੀ) ਵਾਂਗ ਸੁੰਦ੍ਰ ਹੈਂ। ਇਹ ਗੱਲ ਸੰਨ ੧੭੪੯ ਈ: ਦੀ ਹੈ । ਸ੍ਰੀ ਨਵਾਬ ਕਪੂਰ ਸਿੰਘ ਦਾ ਨੌਜਵਾਨ ਜੈ ਸਿੰਘ ਨੂੰ ਅੰਮ੍ਰਿਤ ਛਕਾਣ ਸਮੇਂ ‘ਘਨੱਯਾ’ ਉਪਨਾਮ ਦੇਣਾ ਇਸ ਨੂੰ ਕੁਝ ਇੱਡਾ ਪਿਆਰਾ ਲੱਗਾ ਕਿ ਇਸ ਵਰਿਆਮ ਜੋਧੇ ਨੇ ਜਦ ਆਪਣੀ ਜਗਤ-ਪ੍ਰਸਿੱਧ ਮਿਸਲ ਦੀ ਨੀਂਹ ਰੱਖੀ ਤਾਂ ਉਸ ਦਾ ਨਾਮ ਇਸ ਨੇ ‘ਘਨੱਯਾ ਮਿਸਲ` ਰੱਖਿਆ।
ਸਰਦਾਰ ਜੈ ਸਿੰਘ ਦੇ ਜੀਵਨ ਪਰ ਪੂਜਨੀਕ ਨਵਾਬ ਕਪੂਰ ਸਿੰਘ ਜੀ ਦੀ ਰਹਿਣੀ ਬਹਿਣੀ ਦਾ ਇੰਨਾ ਡੂੰਘਾ ਅਸਰ ਪਿਆ ਕਿ ਉਹ ਆਪਣੇ ਘਰ ਪਰਤ ਆਉਣ ਦੀ ਥਾਂ ਨਵਾਬ ਸਾਹਿਬ ਦੀ ਹਜ਼ੂਰੀ ਵਿਚ ਰਹਿ ਪਿਆ। ਨਵਾਬ ਸਾਹਿਬ ਦੀ ਨਾਮੀ ਮਿਸਲ ਜਿਹੜੀ ‘ਸਿੰਘ ਪੁਰੀਆ’ (ਫੈਜ਼ੁੱਲਾ ਪੁਰੀਆ) ਦੇ ਨਾਮ ਪਰ ਸੰਸਾਰ ਪਰ ਉਪਕਾਰ, ਸੇਵਾ ਤੇ ਆਪਾਵਾਰ ਦੇ ਗੁਣਾਂ ਲਈ ਬੜਾ ਨਾਮਣਾ ਪਾ ਚੁੱਕੀ ਸੀ, ਇਹ ਸੂਰਮਾ ਵੀ ਇਸੇ ਮਿਸਲ ਵਿਚ ਮਿਲ ਗਿਆ।
ਸੰਨ ੧੭੫੩ ਈ: ਵਿਚ ਨਵਾਬ ਕਪੂਰ ਸਿੰਘ ਜੀ ਸ੍ਰੀ ਅੰਮ੍ਰਿਤਸਰ ਜੀ ਵਿਚ ਗੁਰਪੁਰੀ ਨੂੰ ਚੜਾਈ ਕਰ ਗਏ।
ਨਵਾਬ ਸਾਹਿਬ ਦੇ ਚਲਾਣੇ ਦੇ ਬਾਅਦ ਸਰਦਾਰ ਜੈ ਸਿੰਘ, ਸਣੇ ਆਪਣੇ ਭਾਈ ਝੰਡਾ ਸਿੰਘ ਦੇ, ਆਪਣੇ ਸੌਹਰੇ ਪਿੰਡ ‘ਸੋਹੀਆਂ’ – ਜੋ ਸ੍ਰੀ ਅੰਮ੍ਰਿਤਸਰ ਤੋਂ ੯ ਮੀਲ ਦੀ ਵਾਟ ਪਰ ਹੈ-ਕੁਝ ਦਿਨਾਂ ਲਈ ਜਾ ਰਿਹਾ। ਇੱਥੇ ਇਸ ਨੇ ਆਪਣੇ ਕੁਝ ਹੋਰ ਸੰਬੰਧੀਆਂ ਦੀ ਸਲਾਹ ਨਾਲ, ਜਿਨ੍ਹਾਂ ਵਿਚ ਸਰਦਾਰ ਹਕੀਕਤ ਸਿੰਘ, ਮਹਿਤਾਬ ਸਿੰਘ, ਤਾਰਾ ਸਿੰਘ ਤੇ ਜੀਵਣ ਸਿੰਘ ਆਦਿ ਸ਼ਾਮਲ ਸਨ, ਇਕ ਨਵੀਂ ਮਿਸਲ ਦਾ ਮੁੱਢ ਬੱਧਾ, ਜਿਸਦਾ ਨਾਉਂ – ਜਿਹਾ ਕਿ ਅਸੀਂ ਉਪਰ ਲਿਖ ਆਏ ਹਾਂ ਆਪਨੇ ‘ਘਨੱਯਾ’ ਮਿਸਲ ਰੱਖਿਆ। ਅਰੰਭ ਵਿਚ ਲਗਪਗ ੪੦੦ ਸਿੰਘ ਸਵਾਰ ਇਸ ਵਿਚ ਮਿਲੇ ਸਨ, ਪਰ ਅੱਗੇ ਜਾ ਕੇ ਇਨ੍ਹਾਂ ਦੀ ਗਿਣਤੀ ਆਪਣੇ ਨਾਮੀ ਜੋਧੇ ਤੇ ਧਰਮੀ ਆਗੂ ਦੀ ਅਗਵਾਈ ਵਿਚ ੮੦੦੦ ਜਵਾਨਾਂ ਤੀਕ ਪਹੁੰਚ ਗਈ ਸੀ।
ਇਹ ਮਿਸਲ ਖਾਲਸੇ ਦੀਆਂ ਬਾਰਾਂ ਮਿਸਲਾਂ ਵਿੱਚੋਂ ਵਡੀ ਬਲਵਾਨ ਗਿਣੀ ਜਾਂਦੀ ਸੀ।
ਸਰਦਾਰ ਗੁਰਬਖ਼ਸ਼ ਸਿੰਘ ਦਾ ਜਨਮ
ਸੰਨ ੧੭੫੯ ਵਿਚ ਸਰਦਾਰ ਜੈ ਸਿੰਘ ਦੇ ਘਰ ਇਕ ਪੁਤਰ ਜਨਮਿਆਂ, ਜਿਸ ਦਾ ਨਾਮ ਗੁਰਮਤ ਅਨੁਸਾਰ ਗੁਰਬਖ਼ਸ਼ ਸਿੰਘ ਰਖਿਆ ਗਿਆ । ਇਹ ਬੱਚਾ ਆਪਣੇ ਪਿਤਾ ਤੋਂ ਵੀ ਵਧੀਕ ਸੁਹਣਾਂ ਸੀ। ਸੁਹੱਣਪ ਤੋਂ ਛੁੱਟ ਇਹ ਨਾਲ ਆਪਣੀ ਬਾਲੜੀ ਉਮਰ ਵਿਚ ਹੀ ਬੜਾ ਅਡੋਲ ਚਾਬਕ ਸਵਾਰ ਅਤੇ ਮਨਚਲਾ ਤਲਵਾਰੀਆ ਮੰਨਿਆ ਜਾਂਦਾ ਸੀ। ਇਸਦਾ ਵਿਆਹ ਸਾਰੇ ਸੰਸਾਰ ਦੀ ਇਸ ਜਾਤੀ ਦੇ ਨਾਮ ਨੂੰ ਸਦਾ ਲਈ ਉਜਾਗਰ ਕਰਨ ਵਾਲੀ ਸਰਦਾਰਨੀ ਸਦਾ ਕੌਰ ਨਾਲ ਬੜੀ ਸਜ ਧਜ ਨਾਲ ਹੋਇਆ।
ਇਕ ਬਾਂਕੇ ਤੇ ਬਹਾਦਰ ਸਰਦਾਰ ਗੁਰਬਖਸ਼ ਸਿੰਘ ਦੇ ਜੀਵਨ ਸਮੇਂ ਘਨੱਯਾ ਮਿਸਲ ਉੱਨਤੀ ਦੇ ਸਿਖਰ ਪਰ ਪਹੁੰਚ ਗਈ। ਇਨ੍ਹਾਂ ਦਿਨਾਂ ਵਿਚ ਹੀ ਸਰਦਾਰ ਜੈ ਸਿੰਘ ਤੇ ਗੁਰਬਖ਼ਸ਼ ਸਿੰਘ ਨੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਵਿਚ ਆਪਣੀ ਨਾਮੀ ਮਿਸਲ ਦੇ ਨਾਮ ਪਰ ਇਕ ਆਲੀਸ਼ਾਨ ਕਟੜਾ ਵਸਾਇਆ ਜੋ ਅਜੇ ਤਕ ਇਨ੍ਹਾਂ ਦੀ ਇਹ ਅਮਿਟ ਯਾਦਗਾਰ ਮੌਜੂਦ ਹੈ, ਜਿਸ ਵਿਚ ਇਨ੍ਹਾਂ ਵੱਡੇ ਵਪਾਰੀ ਦੂਰੋਂ ਦੂਰੋਂ ਲਿਆ ਕੇ ਵਸਾਏ।
ਹਾਏ ! ਸਦਾ ਕੌਰ ਵਿਧਵਾ ਹੋ ਗਈ
ਸੰਨ ੧੭੮੪ ਈ: ਦੀ ਦੀਪਮਾਲਾ ਨੂੰ ਬੀਤਿਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਸੰਸਾਰ ਚੰਦ ਕਟੋਚੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਸਰਦਾਰ ਮਹਾਂ ਸਿੰਘ ਸੁਕ੍ਰਚਕੀਆ ਨੇ ਮਿਲ ਕੇ ਘਨੱਯਾ ਸਰਦਾਰ ਪਰ ਚੜਾਈ ਕਰ ਦਿੱਤੀ । ਬਟਾਲੇ ਤੋਂ ਦੋ ਕੋਹ ਦੱਖਣ ਵਲ ‘ਅਚਲ’ ਦੇ ਮੈਦਾਨ ਵਿਚ ਘਮਸਾਨ ਦਾ ਸੰਗਰਾਮ ਮਚਿਆ। ਇਸ ਸਮੇਂ ਘਨੱਯਾ ਮਿਸਲ ਦੀ ਅਗਵਾਈ ਬਿਰਧ ਸਰਦਾਰ ਜੈ ਸਿੰਘ ਦਾ ਬਹਾਦਰ ਸਪੁੱਤ ਸਰਦਾਰ ਗੁਰਬਖਸ਼ ਸਿੰਘ ਕਰਦਾ ਹੋਇਆ ਆਪਣੀ ਜਵਾਨ-ਮਰਦੀ ਦੇ ਜੌਹਰ ਦਿਖਾ ਰਿਹਾ ਸੀ। ਜਿੱਥੇ ਜਿੱਥੇ ਇਹ ਆਪਣੇ ਜਵਾਨਾਂ ਦੀ ਸਹਾਇਤਾ ਦੀ ਲੋੜ ਸਮਝਦਾ ਉੱਥੇ ਉੱਥੇ ਉੱਡ ਕੇ ਪਹੁੰਚਦਾ ਅਤੇ ਆਪਣੇ ਵੀਰਾਂ ਦੇ ਹੌਂਸਲੇ ਵਧਾਂਵਦਾ। ਇਹ ਸਿਲਸਿਲਾ ਸਵੇਰ ਤੋਂ ਦੁਪਹਿਰ ਤੱਕ ਇਕ ਰਸ ਜਾਰੀ ਰਿਹਾ। ਕਦੀ ਇਕ ਪਾਸਾ ਭਾਰੀ ਹੋ ਜਾਂਦਾ ਕਦੀ ਦੂਜੀ ਧਿਰ ਪਹਿਲਿਆਂ ਨੂੰ ਪਿਛਾਂਹ ਹਟਾ ਦਿੰਦੀ, ਇਸ ਤਰ੍ਹਾਂ ਜਦ ਕਿ ਖਟਾ ਖੱਟ ਤਲਵਾਰਾਂ ਚਲ ਰਹੀਆਂ ਸਨ ਅਤੇ ਮੋਹਲੇਧਾਰ ਤੀਰਾਂ, ਗਲੀਆਂ ਆਦਿ ਦਾ ਮੀਂਹ ਵਰ ਰਿਹਾ ਸੀ ਤਾਂ ਇਕ ਨਾਗ ਦੀ ਤਰ੍ਹਾਂ ਸ਼ੀਂ ਸ਼ੀਂ ਕਰਦਾ ਤੀਰ ਆਇਆ ਜੋ ਠੀਕ ਸਰਦਾਰ ਗੁਰਬਖ਼ਸ਼ ਸਿੰਘ ਦੀ ਛਾਤੀ ਵਿਚ ਲੱਗਾ ਅਤੇ ਇਸ ਰੰਗੀਲੇ ਜਵਾਨ ਦੇ ਜੀਵਨ ਦੀਆਂ ਸਾਰੀਆਂ ਰੀਝਾਂ ਸਦਾ ਲਈ ਮੁਕਾ ਗਿਆ, ਅਰਥਾਤ ਬਾਂਕਾ ਗੁਰਬਖ਼ਸ਼ ਸਿੰਘ ਮਰ ਗਿਆ ਅਤੇ ਸੁਖਾਂ ਲੱਧੀ ਸਦਾ ਕੌਰ ਵਿਧਵਾ ਹੋ ਗਈ। ਹੁਣ ਇਸ ਦੇ ਬਾਅਦ ਕਿਸੇ ਕੀਹ ਲੜਨਾ ਸੀ ? ਦੋਵੇਂ ਫੌਜਾਂ ਆਪਣੇ ਆਪ ਪਿੱਛੇ ਹਟ ਗਈਆਂ। ਇੱਨੇ ਨੂੰ ਮਿਸਲ ਦਾ ਇਕ ਸਵਾਰ ਵਿਸਾਖਾ ਸਿੰਘ ਨਾਮੀ ਘੋੜਾ ਉਡਾਂਦਾ ਹੋਇਆ ਬਟਾਲੇ ਪੁੱਜਾ ਅਤੇ ਸਦਾ ਕੌਰ ਨੂੰ ਆਖਿਓਸੁ- ‘ਰਾਣੀਏ ! ਤੇਰਾ ਸੁਹਾਗ ਸੁੱਟਿਆ ਗਿਆ !’ ਇਹ ਹਿਰਦੇ ਵਿਧਿਕ ਖਬਰ ਸੁਣ ਕੇ ਸਦਾ ਕੌਰ ਦੇ ਹੱਥਾਂ ਦੇ ਤੋਤੇ ਉੱਡ ਗਏ, ਪੈਰਾਂ ਥੱਲਿਓਂ ਧਰਤੀ ਨਿਕਲ ਗਈ, ਗਗਨ ਤੋਂ ਧਰਤੀ ਤੱਕ ਸਾਰੇ ਪਲਾੜ ਵਿਚ ਹਨੇਰਾ ਹੀ ਹਨੇਰਾ ਦਿੱਸਣ ਲੱਗਾ, ਪਰ ਇਹ ਗੱਲ ਵੱਡੀ ਹੈਰਾਨ ਕਰਨ ਵਾਲੀ ਹੈ ਕਿ ਇਸ ਸਮੇਂ ਇਹ ਰੁੰਨੀ ਨਹੀਂ ਪਿੱਟੀ ਨਹੀਂ, ਹਾਂ, ਝਟ ਉੱਠੀ ਤੇ ਖਬਰ ਲਿਆਉਣ ਵਾਲੇ ਕੋਲ ਖੜੋਤੇ ਸਵਾਰ ਨੂੰ ਆਖਿਓਸੁ “ਵੀਰਨਾ! ਇਹ ਘੋੜਾ ਮੈਨੂੰ ਦੇ ਦੇ।’ ਸਵਾਰ ਦੇ ਘੋੜੇ ਤੋਂ ਉਤਰਨ ਦੀ ਦੇਰ ਸੀ ਕਿ ਝੱਟ ਆਪ ਪਲਾਕੀ ਮਾਰ ਕੇ ਘੋੜੇ ਪਰ ਚੜ ਬੈਠੀ ਅਤੇ ਜੋਰ ਦੀ ਅੱਡੀ ਮਾਰ ਕੇ ਉਸ ਨੂੰ ਐਸਾ ਉਡਾਇਆ ਕਿ ਅੱਖ ਦੇ ਫੁਰਕਾਰ ਵਿਚ ਅੱਖਾਂ ਤੋਂ ਓਹਲੇ ਹੋ ਗਈ। ਹੁਣ ਆਪ ਸਿੱਧੀ ਰਣਭੂਮੀ ਵਿਚ ਪਹੁੰਚੀ, ਆਪਣੇ ਸਿਰਤਾਜ ਨੂੰ ਲਹੂ ਵਿਚ ਲਥ ਪਥ ਦੇਖ ਕੇ ਉਸ ਪਰ ਡਿਗ ਪਈ ਤੇ ਉਸਦਾ ਸੁਹਣਿਆਂ ਤੋਂ ਸੁਹਣਾ ਮੂੰਹ ਕਈ ਵਾਰੀ ਚੁੰਮਿਆ; ਮਨ ਦੇ ਜਜ਼ਬਾਤ ਦੇ ਹੁਲਾਰੇ ਵਿਚ ਉੱਚਾ ਉੱਚਾ ਕੂਕ ਕੇ ਆਖਿਆ – ਉਠੋ ਸਰਦਾਰ ਜੀ! ਅੱਖਾਂ ਖੋਲੋ : ਮੈਂ ਦਾਸੀ ਸਦਾ ਕੌਰ ਆਈ ਹਾਂ। ਮੇਰੇ ਨਾਲ ਦੋ ਗੱਲਾਂ ਕਰੋ ਨਾ ਜੀ, ਮੇਰੇ ਤੋਂ ਵਿਦੈਗੀ ਲੈ ਕੇ ਜਾਣਾ। ਮੈਂ ਐਦਾਂ ਰੁਠੇ ਹੋਏ ਨੂੰ ਕਦੇ ਵੀ ਨਾ ਜਾਣ ਦਿਆਂਗੀ। ਅੱਗੋਂ ਉੱਤਰ ਤਾਂ ਤਦ ਮਿਲਦਾ ਜੇ ਇਸ ਦੀ ਵੰਦਨਾ ਨੂੰ ਕੋਈ ਸੁਣਨ ਵਾਲਾ ਮੌਜੂਦ ਹੁੰਦਾ। ਬੋਲਣ ਵਾਲਾ ਤਾਂ ਲੰਮੀਆਂ ਉਡਾਰੀਆਂ ਲਾ ਕੇ ਉੱਥੇ ਜਾ ਪੁੱਜਾ ਸੀ ਜਿੱਥੋਂ ਪਰਤ ਕੇ ਕਦੇ ਕੋਈ ਆਇਆ ਹੀ ਨਹੀਂ।
ਪਤੀ ਦੇ ਸ਼ਸਤ੍ਰ ਆਪ ਪਹਿਨ ਲਏ
ਹੁਣ ਇਹ ਆਪਣੇ ਮਨ ਹਰਨ ਦੀ ਮਿ੍ਤੂ-ਦੇਹ ਤੋਂ ਉਠੀ ਤੇ ਉਸਦਾ ਸ਼ਸਤ੍ਰਾਂ ਵਾਲਾ ਕਮਰਕੱਸਾ ਆਪਣੇ ਹੱਥ ਨਾਲ ਖੋਲ ਕੇ ਝੱਟ ਆਪ ਪਹਿਨ ਲਿਆ ਅਤੇ ਆਪਣੇ ਸਿਰ ਦਾ ਦੁੱਪਟਾ ਲਾਹ ਕੇ ਸੁਹਣੀ ਤੇ ਹਲਕੀ ਜੇਹੀ ਪਗ ਸਜ਼ਾ ਲਈ। ਬੱਸ, ਇਸ ਦਿਨ ਨੇ ਸਰਦਾਰਨੀ ਸਦਾ ਕੌਰ ਜੀ ਦੇ ਜੀਵਨ ਵਿਚ ਇਕ ਮਹਾਨ ਪ੍ਰੀਵਰਤਨ ਲੈ ਆਂਦਾ।
ਮੈਦਾਨ ਜੰਗ ਦੀਆਂ ਫੌਜਾਂ ਇਸ ਦਰਦਨਾਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਪਿੱਛੇ ਪਰਤ ਗਈਆਂ, ਇਸਦੇ ਉਪਰੰਤ ਸਰਦਾਰਨੀ ਸਦਾ ਕੌਰ ਨੇ ਆਪਣੇ ਜੀਵਨ-ਸਾਥੀ ਦਾ ਬਿਬਾਣ ਉਠਵਾ ਕੇ ਬਟਾਲੇ ਵਲ ਕੂਚ ਕਰ ਦਿੱਤਾ ਅਤੇ ਆਪਣੇ ਪ੍ਰਾਣ ਪਤੀ ਦੀ ਅੰਤਮ ਅਰਦਲ ਦੀ ਸੇਵਾ ਦਾ ਹੱਕ ਪੂਰਾ ਕੀਤਾ। ਬਟਾਲੇ ਪਹੁੰਚ ਕੇ ਨਗਰ ਦੇ ਬਾਹਰ ਉਤਰ ਵਲ ਸਰਦਾਰ ਗੁਰਬਖ਼ਸ਼ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ। ਕੁਝ ਦਿਨਾਂ ਦੇ ਬਾਅਦ ਸਰਦਾਰਨੀ ਜੀ ਨੇ ਇਸ ਥਾਂ ਪਰ ਇਕ ਪੁਖਤਾ ਸਮਾਧ ਤਿਆਰ ਕਰਵਾਈ। ਇਸ ਤਰ੍ਹਾਂ ਸਰਦਾਰਨੀ ਸਦਾ ਕੌਰ ਆਪਣੇ ਅਤਿ ਪਿਆਰੇ ਪਤੀ ਤੋਂ ਸਦਾ ਲਈ ਵਿਛੱੜ ਗਈ।
ਇਉਂ ਇਸ ਹਿਰਦੇ ਵਿਧਿਕ ਖਬਰ ਦੇ ਸੁਣਨ ਨਾਲ ਜੋ ਅਸਰ ਕਿਸੇ ਪਿਤਾ ਪਰ ਉਸਦੀ ਬੁਢੇਪੇ ਦੀ ਉਮਰ ਵਿਚ ਹੋ ਸਕਦਾ ਸੀ ਉਸ ਤੋਂ ਸਰਦਾਰ ਜੈ ਸਿੰਘ ਵੀ ਨਾ ਬਚ ਸਕਿਆ। ਉਸਦਾ ਇਹ ਕਹਿਣਾ ਠੀਕ ਸਾਬਤ ਹੋਇਆ ਕਿ ਮੇਰਾ ਲਾਡਲਾ ਗੁਰਬਖਸ਼ ਇਕੱਲਾ ਨਹੀਂ ਮੋਇਆ, ਉਹ ਮੈਨੂੰ ਵੀ ਆਪਣੇ ਨਾਲ ਮਾਰ ਗਿਆ। ਇਸ ਨਿਰਾਸਤਾ ਤੇ ਦੁਖ ਵਿਚ ਸਰਦਾਰਨੀ ਸਦਾ ਕੌਰ ਆਪਣੇ ਬਿਰਧ ਸਹੁਰੇ ਨੂੰ ਬੜਾ ਹੌਸਲਾ ਦਿੰਦੀ, ਪਰ ਉਸਦੇ ਟੁੱਟੇ ਹੋਏ ਦਿਲ ਨੂੰ ਮੁੜ ਜੋੜ ਕਿਸੇ ਯਤਨ ਨਾਲ ਵੀ ਲਾ ਲੱਗ ਸਕਿਆ ਅਰਥਾਤ ਸਰਦਾਰ ਜੈ ਸਿੰਘ ਵੀ ਕੁਝ ਸਮੇਂ ਬਾਅਦ ਸੰਸਾਰ ਤੋਂ ਕੂਚ ਕਰ ਗਿਆ।
ਸਦਾ ਕੌਰ ਮਿਸਲਦਾਰਨੀ ਦੇ ਰੂਪ ਵਿਚ:
ਇਹ ਤਾਂ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਸਰਦਾਰਨੀ ਸਦਾ ਕੌਰ ਨੇ ਆਪਣੇ ਪਤੀ ਦੀ ਲਹੂ ਨ੍ਹਾਤੀ ਲਾਸ਼ ਨੂੰ ਦੇਖ ਕੇ ਉਸ ਦੇ ਸ਼ਸਤ ਆਪ ਸਜਾ ਲਏ ਸਨ ਅਤੇ ਆਪਣੇ ਸਿਰ ਦੇ ਦੁਪੱਟੇ ਦੀ ਪੱਗ ਬੰਨ੍ਹ ਲਈ ਸੀ। ਹੁਣ ਜਦ ਇੱਕੋ ਇਕ ਪਿੱਛੇ ਰਹੇ ਸਹੁਰੇ ਦਾ ਸਹਾਰਾ ਵੀ ਸਿਰ ਤੋਂ ਉੱਠ ਗਿਆ ਤਾਂ ਇਹ ਇਕੱਲੀ ਰਹਿ ਗਈ, ਪਰ ਇਹ ਘਾਬਰੀ ਨਹੀਂ, ਇਸ ਹੌਂਸਲਾ ਨਹੀਂ ਹਾਰਿਆ ਸਗੋਂ ਨਿਡਰ ਸ਼ੇਰਨੀ ਦੀ ਤਰ੍ਹਾਂ ਮੈਦਾਨ ਵਿਚ ਆ ਗਈ ਅਤੇ ਆਪਣੀ ਬਲਵਾਨ ਘਨੱਯਾ ਮਿਸਲ ਦੀ ਕਮਾਨ ਆਪਣੇ ਹੱਥ ਵਿਚ ਲੈ ਲਈ। ਥੋੜੇ ਦਿਨਾਂ ਵਿਚ ਹੀ ਇਸ ਨੇ ਇਸ ਭਾਰੀ ਕਠਨ ਕੰਮ ਨੂੰ ਐਸੀ ਯੋਗਤਾ ਨਾਲ ਚਲਾਇਆ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਇਹ ਖੁਦ ਸ਼ਸਤ੍ਰ ਅਸਤ੍ਰ ਸਜਾ ਕੇ ਮਿਸਲ ਦੇ ੮੦੦੦ ਸਵਾਰਾਂ ਦੀ ਅਗਵਾਈ ਵਿਚ ਨਿਕਲਦੀ ਅਤੇ ਉਨ੍ਹਾਂ ਦੀ ਐਸੀ ਯੋਗਤਾ ਨਾਲ ਰਹਿਨੁਮਾਈ ਕਰਦੀ ਕਿ ਸਰਦਾਰ ਜੈ ਸਿੰਘ ਤੇ ਗੁਰਬਖ਼ੀਸ਼ ਸਿੰਘ ਦੀ ਅਣਹੋਂਦ ਕਿਸੇ ਦੇ ਚਿਤ ਚੇਤੇ ਵੀ ਨਾ ਰਹੀ।
ਚੱਲਦਾ …
(ਇਸ ਜੀਵਨੀ ਦਾ ਅਗਲਾ ਭਾਗ ਆਉਂਦੇ ਦਿਨਾਂ ਵਿਚ ਸਾਂਝਾ ਕੀਤਾ ਜਾਵੇਗਾ ਜੀ)
No comments:
Post a Comment