ਸ਼ਹੀਦ ਬਾਬਾ ਸੰਗਤ ਸਿੰਘ
-ਸ. ਮਹਿੰਦਰ ਸਿੰਘ
-ਸ. ਮਹਿੰਦਰ ਸਿੰਘ
ਪ੍ਰਸਿੱਧ ਲੇਖਕ ਸੀ.ਐਚ.ਪੇਨ. ਲਿਖਦਾ ਹੈ, “ਜਿਹੜੇ ਦੁਨੀਆਂ ਵਿਚ ਰਹਿ ਕੇ ਬਦੀਆਂ ਨਾਲ ਜੂਝਦੇ ਹਨ, ਉਹ ਵਿਸ਼ਵ ਧਰਮ ਦੇ ਜੁਝਾਰੂ ਹੁੰਦੇ ਹਨ।” ਸਿੱਖ ਧਰਮ ਇਨ੍ਹਾਂ ਸ਼ਬਦਾਂ ਦੀ ਗਵਾਹੀ ਭਰਦਾ ਹੈ ਕਿਉਂਕਿ ਸਿੱਖ ਧਰਮ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੈ ਅਤੇ ਇਨ੍ਹਾਂ ਦੋਹਾਂ ਚੀਜ਼ਾਂ ਦੇ ਸੁਮੇਲ ਨੇ ਵਿਸ਼ਵ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਕਿਉਂਕਿ ਸਮੇਂ-ਸਮੇਂ ਇਸ ਧਰਮ ਨੇ ਬਹਾਦਰਾਂ ਅਤੇ ਸੂਰਬੀਰਾਂ ਯੋਧਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਅਸੂਲਾਂ ’ਤੇ ਚੱਲਦਿਆਂ ਹੋਇਆਂ ਬਦੀਆਂ ਦਾ ਡੱਟ ਕੇ ਮੁਕਾਬਲਾ ਕੀਤਾ। ਅਜਿਹੇ ਹੀ ਇਕ ਬਹਾਦਰ ਸੂਰਬੀਰ ਦਾ ਜਨਮ ਵੀ ਸਿੱਖ ਧਰਮ ਵਿਚ ਹੋਇਆ ਜੋ ਦਸਮ ਪਿਤਾ ਜੀ ਤੋਂ ਅੰਮ੍ਰਿਤਪਾਨ ਕਰ ਕੇ ਭਾਈ ਸੰਗਤਾ ਤੋਂ ਭਾਈ ਸੰਗਤ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ।
ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਾਰ ਮਹੀਨੇ ਬਾਅਦ 25 ਅਪ੍ਰੈਲ 1667 ਈ. (1723 ਬਿ: ਸੰਮਤ 16 ਫੱਗਣ) ਨੂੰ ਭਾਈ ਰਣੀਏ ਜੀ ਦੇ ਘਰ ਬੀਬੀ ਅਮਰੋ ਜੀ ਦੀ ਕੁੱਖੋਂ ਹੋਇਆ। ਆਪ ਜੀ ਦੀ ਮਾਤਾ ਬੀਬੀ ਅਮਰੋ ਜੀ ਨੇ ਬੜੇ ਖੁਸ਼ੀ ਭਰੇ ਲਹਿਜ਼ੇ ਵਿਚ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਘਰ ਬੰਗੇਸਰ ਨੇ ਜਨਮ ਲਿਆ ਹੈ। ਇਸ ਕਰਕੇ ਜਨਮ ਤੋਂ ਹੀ ਆਪ ਦੇ ਨਾਮ ਨਾਲ ਬੰਗੇਸਰ ਸ਼ਬਦ ਜੁੜ ਗਿਆ। ਇਹ ਬੰਗੇਸਰ ਸ਼ਬਦ ਆਪ ਜੀ ਦੇ ਨਾਮ ਨਾਲ ਕਿਸ ਤਰ੍ਹਾਂ ਜੁੜਿਆ, ਇਸ ਦਾ ਨਿਰਨਾ ਇਤਿਹਾਸਕਾਰ ਇਸ ਤਰ੍ਹਾਂ ਕਰਦੇ ਹਨ:
1. ਗਿਆਨੀ ਗੁਰਬਖਸ਼ ਸਿੰਘ ਜੀ “ਕਲਗੀ ਭਾਈ ਸੰਗਤ ਸਿੰਘ ਜੀ ਨੂੰ ਹੀ” ਵਿਚ ਲਿਖਦੇ ਹਨ ਕਿ ਬਾਬਾ ਸੰਗਤ ਸਿੰਘ ਦੇ ਵੱਡੇ-ਵਡੇਰੇ ਪੁਰਾਣੇ ਜ਼ਮਾਨੇ ਦੇ ਜਲੰਧਰ ਦੇ ਸੂਬੇ ਦੇ ਪਿੰਡ ‘ਖੇੜੀ’ ਫਗਵਾੜੇ ਦੇ ਨਜ਼ਦੀਕ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੇ ਵੱਡ-ਵਡੇਰੇ ਪਹਿਲਾਂ ਬੰਗੇ ਰਹਿੰਦੇ ਸਨ, ਜਿਸ ਕਰਕੇ ਖੇੜੀ ਦੇ ਵਸਨੀਕ ਬੰਗੇਸਰ ਜਾਂ ਬੰਗਸੀ ਅੱਲ ਨਾਲ ਪੁਕਾਰੇ ਜਾਂਦੇ ਸਨ।
2. ਸ. ਗੁਰਬਖਸ਼ ਸਿੰਘ (ਪੰਨਵਾ) ਲਿਖਦੇ ਹਨ ਕਿ ਬਾਬਾ ਸੰਗਤ ਸਿੰਘ ਦਾ ਜਨਮ ਪਟਨੇ ਵਿਚ ਹੋਇਆ। ਪਰ ਇਨ੍ਹਾਂ ਦਾ ਜੱਦੀ ਪਿੰਡ ਜ਼ਿਲ੍ਹਾ ਕਪੂਰਥਲਾ ਤਹਿਸੀਲ ਫਗਵਾੜੇ ਲਾਗੇ ਹੈ।
ਜਲੰਧਰ ਤੋਂ ਫਗਵਾੜੇ ਨੂੰ ਜਾਂਦਿਆਂ ਚਹੇੜੂ ਪੁਲ ਤੋਂ ਥੋੜ੍ਹਾ ਅੱਗੇ ਜਾ ਕੇ ਸੱਜੇ ਹੱਥ ਇਕ ਛੋਟਾ ਜਿਹਾ ਪਿੰਡ ਖੇੜੀ ਆਉਂਦਾ ਹੈ ਜਿਸ ਨੂੰ ਮੁਗਲ ਸਰਕਾਰ ਨੇ ਭਾਈ ਸੰਗਤ ਸਿੰਘ ਦਾ ਜੱਦੀ-ਪੁਸ਼ਤੀ ਪਿੰਡ ਹੋਣ ਕਰਕੇ ਢਹਿ-ਢੇਰੀ ਕਰ ਦਿੱਤਾ, ਜੋ ਅੱਜ ਥੇਹ ਦੇ ਰੂਪ ਵਿਚ ਮੌਜੂਦ ਹੈ ਜਿਸ ਨੇ ਸਿੱਖ ਕੌਮ ਦਾ ਵਡਮੁੱਲਾ ਇਤਿਹਾਸ ਆਪਣੀ ਛਾਤੀ ਵਿਚ ਸਮੋਇਆ ਹੋਇਆ ਹੈ।
ਇਸੇ ਹੀ ਪਿੰਡ ਦੇ ਭਾਈ ਰਣੀਆ ਜੀ ਅਤੇ ਭਾਈ ਜੋਧਾ ਜੀ ਦੇ ਪਿਤਾ ਭਾਈ ਭਾਨੂੰ ਜੀ ਹੋਏ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਗਈਆਂ ਚਾਰੇ ਲੜਾਈਆਂ ਵਿਚ ਆਪਣੀ ਬੀਰਤਾ ਦੇ ਜੌਹਰ ਦਿਖਾਏ ਅਤੇ ਗੁਰੂ-ਘਰ ਦੀ ਨਿਸ਼ਕਾਮ ਸੇਵਾ ਕੀਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿਚ ਬਿਨਾਂ ਜਾਤ ਵਖਰੇਵੇਂ ਦੇ ਸਭ ਲੋਕ ਸ਼ਾਮਲ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕਰ ਕੇ ਸਿੰਘ ਸਜੇ ਅਤੇ ਵੈਰੀਆਂ ਨੂੰ ਕਰਾਰੇ ਹੱਥ ਦਿਖਾਏ। ਬੀਬੀਆਂ ਨੇ ਵੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਪਿਆਰੀਆਂ ਪੁੱਤਰੀਆਂ ਹੋਣ ਦਾ ਮਾਣ ਗੁਰੂ ਸਾਹਿਬ ਤੋਂ ਪ੍ਰਾਪਤ ਕੀਤਾ।
ਇਤਿਹਾਸ ਨੂੰ ਵਾਚਣ ਉਪਰੰਤ ਪਤਾ ਲੱਗਦਾ ਹੈ ਕਿ ਬਾਬਾ ਸੰਗਤ ਸਿੰਘ ਦਾ ਮੁੱਢਲਾ ਜੀਵਨ ਪਟਨੇ ਸ਼ਹਿਰ ਵਿਚ ਦਸਮੇਸ਼ ਪਿਤਾ ਜੀ ਨਾਲ ਹੱਸ-ਖੇਡ ਕੇ ਅਤੇ ਬਾਲ-ਲੀਲ੍ਹਾ ਦੇ ਕੌਤਕ ਦੇਖਦਿਆਂ ਗੁਜ਼ਰਿਆ। ਦਸਮੇਸ਼ ਪਿਤਾ ਜੀ ਨਾਲ ਰਹਿ ਕੇ ਭਾਈ ਸੰਗਤੇ ਨੇ ਸ਼ਸਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀਆਂ ਦੌੜਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ। 30 ਮਾਰਚ 1699 ਨੂੰ ਜਾਤ-ਪਾਤ ਦੀ ਭਾਵਨਾ ਨੂੰ ਮੂਲੋਂ ਹੀ ਖ਼ਤਮ ਕਰ ਕੇ ਦਸਮੇਸ਼ ਪਿਤਾ ਜੀ ਨੇ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਤਾਂ ਭਾਈ ਸੰਗਤ ਸਿੰਘ ਅਤੇ ਉਸਦੇ ਸਾਥੀਆਂ, ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਭਾਈ ਰਾਮ ਸਿੰਘ ਨੇ ਕਲਗੀਧਰ ਪਿਤਾ ਤੋਂ ਅੰਮ੍ਰਿਤਪਾਨ ਕੀਤਾ ਅਤੇ ਬਾਅਦ ਵਿਚ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਪ੍ਰਚਾਰਨ ਲਈ ਮਾਲਵੇ ਦਾ ਸਿੱਖੀ ਪ੍ਰਚਾਰਕ ਨਿਯੁਕਤ ਕੀਤਾ।
ਚਮਕੌਰ ਦੀ ਜੰਗ ਤੋਂ ਪਹਿਲਾਂ ਭਾਈ ਸੰਗਤ ਸਿੰਘ ਨੇ ਬੱਸੀ ਕਲਾਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਬ੍ਰਾਹਮਣੀ ਛੁਡਾ ਕੇ ਲਿਆਉਣ, ਭੰਗਾਣੀ ਦੀ ਜੰਗ, ਅਗੰਮਪੁਰੇ ਦੀ ਜੰਗ, ਸਰਸਾ ਦੀ ਜੰਗ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ।
ਪਰ ਚਮਕੌਰ ਦੀ ਜੰਗ ਸਿੱਖ ਇਤਿਹਾਸ ਦਾ ਅਹਿਮ ਪੜਾਅ ਸਾਬਤ ਹੋਈ। ਇਤਿਹਾਸਕ ਲਿਖਤਾਂ ਅਨੁਸਾਰ ਗੁਰੂ ਸਾਹਿਬ ਜੀ 1704 ਈ. ਨੂੰ ਅਨੰਦਗੜ੍ਹ ਦਾ ਕਿਲ੍ਹਾ ਛੱਡਣ ਉਪਰੰਤ ਚਮਕੌਰ ਸਾਹਿਬ ਪਹੁੰਚੇ। ਚਮਕੌਰ ਦੀ ਜੰਗ ਹੋਈ, ਜਿਸ ਵਿਚ ਬਹੁਤ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਬਾਕੀ ਬਚੇ ਗਿਆਰ੍ਹਾਂ ਸਿੰਘਾਂ ਨੇ ਰਲ ਮਤਾ ਪਾਸ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਬਿਖੜੇ ਸਮੇਂ ਵਿਚ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਅਗਵਾਈ ਦੀ ਜ਼ਰੂਰਤ ਹੈ। ਇਸ ਲਈ ਸਿੰਘਾਂ ਨੇ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੱਤਾ। ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਗੁਰੂ ਰੂਪ ਜਾਣ ਕੇ ਗੜ੍ਹੀ ਛੱਡ ਜਾਣ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਆਪਣੀ ਜਿਗ੍ਹਾ ਕਲਗੀ ਅਤੇ ਪੌਸ਼ਾਕ ਬਾਬਾ ਸੰਗਤ ਸਿੰਘ ਦੇ ਸੀਸ ’ਤੇ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ ਦਿੱਤੀ। ਬਾਬਾ ਸੰਗਤ ਸਿੰਘ ਦੀ ਸ਼ਕਲ-ਸੂਰਤ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ।
ਮੁਗ਼ਲਾਂ ਨੇ ਦੁਬਾਰਾ ਚਮਕੌਰ ਦੀ ਗੜ੍ਹੀ ’ਤੇ ਹਮਲਾ ਕੀਤਾ ਕਿਉਂਕਿ ਬਾਬਾ ਜੀ ਦੇ ਪਹਿਨੀ ਹੋਈ ਗੁਰੂ ਸਾਹਿਬ ਵਾਲੀ ਪੌਸ਼ਾਕ ਮੁਗਲਾਂ ਨੂੰ ਗੁਰੂ ਸਾਹਿਬ ਦਾ ਬਾਰ-ਬਾਰ ਭੁਲੇਖਾ ਪਾਉਂਦੀ ਸੀ। ਬਾਬਾ ਸੰਗਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਵੈਰੀ ਦਾ ਮੁਕਾਬਲਾ ਕੀਤਾ। ਬਾਬਾ ਸੰਗਤ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਤੀਰਾਂ ਨਾਲ ਦੁਸ਼ਮਣਾਂ ਦਾ ਨਾਸ਼ ਕੀਤਾ। ਬਾਬਾ ਜੀ ਜ਼ਖਮੀ ਹੋਏ ਵੀ ਅੰਤ ਸਮੇਂ ਤਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸੰਮਤ ਨਾਨਕਸ਼ਾਹੀ 236 ਅਨੁਸਾਰ ਦਸੰਬਰ 1704 ਈ. ਨੂੰ ਸ਼ਹਾਦਤ ਪ੍ਰਾਪਤ ਕਰ ਕੇ ਸਦਾ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ
No comments:
Post a Comment